ਨਵੀਂ ਦਿੱਲੀ, (ਏਜੰਸੀ) : ਦਿੱਲੀ ਵਿਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਗਠਜੋੜ ਬਾਰੇ ਦੋਹਾਂ ਧਿਰਾਂ ਦੀ ਗੱਲਬਾਤ ਰੁਕਣ ਮਗਰੋਂ ਫਿਰ ਸ਼ੁਰੂ ਹੁੰਦੀ ਜਾਪ ਰਹੀ ਹੈ। ਆਪ ਨੇ ਗਠਜੋੜ ਦੀ ਗੱਲਬਾਤ ਨੂੰ ਸਿਰੇ ਲਾਉਣ ਵਾਸਤੇ ਕਾਂਗਰਸ ਨੂੰ ਸੋਮਵਾਰ ਤਕ ਦਾ ਸਮਾਂ ਦਿਤਾ ਹੈ ਜਿਸ ਕਾਰਨ ਪਾਰਟੀ ਨੇ ਅਪਣੇ ਤਿੰਨ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਫ਼ਿਲਹਾਲ ਰੋਕ ਦਿਤਾ ਹੈ।
ਪਾਰਟੀ ਦੀ ਦਿੱਲੀ ਇਕਾਈ ਦੇ ਕਨਵੀਨਰ ਗੋਪਾਲ ਰਾਏ ਨੇ ਦਸਿਆ ਕਿ ਹੁਣ ਸੋਮਵਾਰ ਨੂੰ ਆਪ ਦੇ ਬਾਕੀ ਛੇ ਉਮੀਦਾਰਾਂ ਦੇ ਨਾਵਾਂ ਦਾ ਐਲਾਨ ਹੋਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਮੁੜ ਵਿਚਾਰ ਲਈ ਮੌਕਾ ਦੇਣ ਵਾਸਤੇ ਇਹ ਫ਼ੈਸਲਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਾਰਟੀ ਦੇ ਪਛਮੀ ਦਿੱਲੀ ਤੋਂ ਉਮੀਦਵਾਰ ਬਲਬੀਰ ਸਿੰਘ ਜਾਖੜ ਵੀਰਵਾਰ ਨੂੰ ਨਾਮਜ਼ਦਗੀ ਦਾਖ਼ਲ ਕਰ ਚੁੱਕੇ ਹਨ। ਸਨਿਚਰਵਾਰ ਨੂੰ ਪਾਰਟੀ ਦੇ ਤਿੰਨ ਹੋਰ ਉਮੀਦਵਾਰਾਂ ਦੇ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਨ ਦਾ ਪ੍ਰੋਗਰਾਮ ਸੀ। ਸੂਤਰਾਂ ਨੇ ਦਸਿਆ ਕਿ ਗਠਜੋੜ ਬਾਰੇ ਹਾਂਪੱਖੀ ਸੰਕੇਤ ਮਿਲ ਰਹੇ ਹਨ।
ਸਮਝਿਆ ਜਾਂਦਾ ਹੈ ਕਿ ਕਾਂਗਰਸ ਹਰਿਆਣਾ ਵਿਚ ਦੋ ਸੀਟਾਂ ਜਨਨਾਇਕ ਪਾਰਟੀ ਅਤੇ ਇਕ ਸੀਟ ਆਪ ਨੂੰ ਦੇਣ ਅਤੇ ਦਿੱਲੀ ਵਿਚ ਚਾਰ ਸੀਟਾਂ ਆਪ ਤੇ ਤਿੰਨ ਸੀਟਾਂ 'ਤੇ ਖ਼ੁਦ ਚੋਣ ਲੜਨ ਦੇ ਬਦਲ ਬਾਰੇ ਵਿਚਾਰ ਕਰਨ ਲਈ ਤਿਆਰ ਹੋ ਗਈ ਹੈ। ਕਲ ਕਾਂਗਰਸਆਗੂ ਪੀ ਸੀ ਚਾਕੋ ਨੇ ਕਿਹਾ ਕਿ ਉਹ ਦੋਹਾਂ ਹਾਲਤਾਂ ਵਿਚ ਤਿਆਰ ਹਨ, ਗਠਜੋੜ ਹੋਵੇ ਜਾਂ ਨਾ ਹੋਵੇ।